ਗੁਰਮੁਖੀ ਲਿਪੀ
- ਜਸਦੀਪ ਕੌਰ
- Sep 9, 2019
- 2 min read
Updated: Sep 17, 2019
ਮਨੁੱਖੀ ਖਿਆਲਾਂ ਦਾ ਲਿਬਾਸ ਬੋਲੀ ਹੈ ਤੇ ਬੋਲੀ ਦਾ ਲਿਬਾਸ ਲਿਪੀ ਹੈ। ਪੰਜਾਬੀ ਲਿਪੀ ਦੁਨੀਆਂ ਦੀਆਂ ਪ੍ਰਾਚੀਨ ਲਿਪੀਆਂ ਵਿੱਚੋਂ ਇੱਕ ਹੈ। ਇਸ ਦਾ ਵਿਕਾਸ ਸ਼ਾਰਦਾ ਤੇ ਟਾਕਰੀ ਲਿਪੀ ਤੋਂ ਹੋਇਆ ਕਿਹਾ ਜਾਂਦਾ ਹੈ। ਗੁਰੁ ਨਾਨਕ ਪਾਤਿਸ਼ਾਹ ਜੀ ਦੇ ਆਗਮਨ ਤੋਂ ਕਈ ਸਦੀਆਂ ਪਹਿਲਾਂ ਇਸ ਦਾ ਪ੍ਰਯੋਗ ਪ੍ਰਚਲਤ ਸੀ। ਵਪਾਰੀ ਲੋਗ ਇਸਦੀ ਵਰਤੋਂ ‘ਸ਼ਾਰਟਹੈਂਡ’ ਦੇ ਰੂਪ ਵਿੱਚ ਕਰਦੇ ਸਨ ਜਿਸਨੂੰ ਲੰਡੇ ਕਹਿੰਦੇ ਸਨ। ਗੁਰੁ ਨਾਨਕ ਸਾਹਿਬ ਨੇ ਇਸ ਦੇ ਅੱਖਰਾਂ ਦਾ ਉਚਾਰਣ ‘ਪੱਟੀ’ ਨਾਮ ਦੀ ਬਾਣੀ ਵਿੱਚ ਕੀਤਾ ਹੈ। ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਨੇ ਇਸ ਦੇ ਅੱਖਰਾਂ ਦੀ ਬਨਾਵਟ ਸਰਲ ਤੇ ਸੁੰਦਰ ਬਣਾਈ ਜੋ ਇਸ ਦਾ ਅਧੁਨਿਕ ਰੁਪ ਹੈ ਤੇ ਜਿਸ ਕਰਕੇ ਇਸ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ।
ਦੁਨੀਆਂ ਦੀ ਕਿਸੇ ਵੀ ਭਾਸ਼ਾ ਨੂੰ ਇਸ ਲਿਪੀ ਵਿੱਚ ਆਸਾਨੀ ਨਾਲ ਲਿਖਿਆ ਜਾ ਸਕਦਾ ਹੈ। ਕਾਫੀ ਸਰਲ ਹੋਣ ਕਰਕੇ ਇਸ ਦੀ ‘ਟਾਇਪਿੰਗ’ ਬਹੁਤ ਤੇਜ਼ੀ ਨਾਲ ਹੁੰਦੀ ਹੈ। ਅਖਰਾਂ ਦੀ ਬਨਾਵਟ ਗੋਲ ਹੋਣ ਕਰਕੇ ਇਸ ਦੀ ਗਿਣਤੀ ਸੰਸਾਰ ਦੀਆਂ ਸੁੰਦਰ ਲਿਪੀਆਂ ਵਿੱਚ ਆਉਂਦੀ ਹੈ।
ਗੁਰੂ ਗ੍ਰੰਥ ਸਾਹਿਬ, ਜਿਸਦਾ ਉਪਦੇਸ਼ ਸਾਰੀ ਮਾਨਵਤਾ ਲਈ ਸਰਬ ਸਾਂਝਾ ਤੇ ਸਦੀਵੀ ਸੱਚ ਹੈ ਗੁਰਮੁਖੀ ਲਿਪੀ ਵਿੱਚ ਲਿਖਿਆ ਹੋਇਆ ਹੈ।
ਪੰਜਾਬੀ ਦੀ ਵਰਨਮਾਲਾ ਵਿੱਚ ਪੈਂਤੀ ਅਖਰ ਹਨ ਇਸ ਕਰਕੇ ਇਸ ਨੂੰ ਪੈਂਤੀ ਅਖਰੀ ਕਿਹਾ ਜਾਂਦਾ ਹੈ। ਇਹ ਅਖਰ ਹਨ:

ੳ, ਅ, ੲ, ਸ, ਹ
ਕ, ਖ, ਗ, ਘ, ਙ
ਚ, ਛ, ਜ, ਝ, ਞ
ਟ, ਠ, ਡ, ਢ, ਣ
ਤ, ਥ, ਦ, ਧ, ਨ
ਪ, ਫ, ਬ, ਭ, ਮ
ਯ, ਰ, ਲ, ਵ, ੜ
ਫਾਰਸੀ, ਅਰਬੀ ਤੇ ਹੋਰ ਭਾਸ਼ਾਵਾਂ ਦੀਆਂ ਅਵਾਜ਼ਾਂ ਵਾਸਤੇ ਹੇਠ ਲਿਖੇ ਪੰਜ ਅੱਖਰਾਂ ਥੱਲੇ ਬਿੰਦੀ ਲਗਦੀ ਹੈ।
ਸ਼, ਖ਼, ਗ਼, ਜ਼, ਫ਼
ਮਿਲੀ ਜੁਲੀ ਅਵਾਜ਼ ਵਾਸਤੇ ਕਿਧਰੇ ਕਿਧਰੇ ਰ,ਹ,ਵ ਪਹਿਲੇ ਅੱਖਰ ਦੇ ਪੈਰਾਂ ਵਿੱਚ ਇਸ ਤਰ੍ਹਾਂ ਲਿਖੇ ਜਾਂਦੇ ਹਨ:
੍ਰ ੍ਹ ੍ਵ
ਪੰਜਾਬੀ ਇਕ ਵਿਗਿਆਨਕ ਭਾਸ਼ਾ ਹੈ, ਕਿਉਂਕਿ ਇਸ ਦੀ ਸਾਰੀ ਲਿੱਪੀ ਇਕ ਖ਼ਾਸ ਤਕਨੀਕ ਨਾਲ ਅਤੇ ਤਰਤੀਬ ਨਾਲ ਲਿਖੀ ਹੋਈ ਹੈ। ਮਿਸਾਲ ਦੇ ਤੌਰ ਤੇ:

‘ਕ’ ਵਾਲੀ ਸੱਤਰ ਬੋਲਣ ਵਾਸਤੇ ਆਵਾਜ਼ ਨਰਮ ਤਾਲੂ (soft palate) ਵਾਲੇ ਹਿੱਸੇ ਤੇ ਜੀਭ ਦੇ ਅੰਦਰਲੇ ਹਿੱਸੇ ਤੋਂ ਉਪਜਦੀ ਹੈ।

‘ਚ’ ਵਾਲੀ ਸੱਤਰ ਬੋਲਣ ਵਾਸਤੇ ਸਾਨੂੰ ਜੀਭ ਮੂੰਹ ਦੇ ਸਖਤ ਤਾਲੂ (hard palate ) ਵਾਲੇ ਹਿੱਸੇ ਤੇ ਸਪਰਸ਼ ਕਰਨੀ ਪੈਂਦੀ ਹੈ।

‘ਟ’ ਵਾਲੀ ਸੱਤਰ ਬੋਲਣ ਵਾਸਤੇ ਸਾਨੂੰ ਜੀਭ ਮੂੰਹ ਦੇ ਉਪਰਲੇ ਹਿੱਸੇ ਤੇ (ਦੰਦਾਂ ਦੇ ਨੇੜੇ ) ਸਪਰਸ਼ ਕਰਨੀ ਪੈਂਦੀ ਹੈ।ਇਸ ਤਰ੍ਹਾਂ ਕਰਨ ਨਾਲ ਜੀਭ ਦਾ ਸਿਰਾ ਪੁੱਠਾ ਹੋ ਕੇ ਸਪਰਸ਼ ਕਰਦਾ ਹੈ ।

‘ਤ’ ਵਾਲੀ ਸੱਤਰ ਦੰਦਾਂ ਦੇ ਅੰਦਰਲੇ ਪਾਸੇ ਜੀਭ ਦਾ ਸਪਰਸ਼ ਕਰ ਕੇ ਬੋਲੈ ਜਾਵੇਗੀ।

‘ਪ’ ਬੁਲ੍ਹ ਜੋੜ ਕੇ ਬੋਲਆਿ ਜਾਂਦਾ ਹੈ ਤਾਂ ਸਾਰੀ ਦੀ ਸਾਰੀ ਸੱਤਰ ਹੀ ਬੁਲ੍ਹ ਜੋੜ ਕੇ ਬੋਲੀ ਜਾਵੇਗੀ।
ਟਿੱਪਣੀਆਂ ਤੇ ਹਵਾਲੇ:
1. ਗੁਰਮੁਖੀ ਲਿਪੀ ਉਤਪਤੀ, ਉੱਨਤੀ ਅਤੇ ਉੱਤਮ ਹੱਥ ਲਿਖਤਾਂ - https://issuu.com/sikhdigitallibrary/docs/gurmukhi_-_lipi_-_utpati__unnati_at
Comentarios